ਇੰਡਸ ਹਸਪਤਾਲ ਫੇਜ਼-1 ਦੇ ਸਾਮ੍ਹਣੇ ਮੁੜ ਹੰਗਾਮਾ, ਔਰਤ ਦੀ ਮੌਤ, 1.98 ਲੱਖ ਦਾ ਬਿੱਲ ਬਣਾਇਆ


ਮੁਹਾਲੀ, 10 ਮਾਰਚ (ਸ.ਬ.) ਲੁਧਿਆਣਾ ਜਿਲ੍ਹੇ ਅਧੀਨ ਪੈਂਦੇ ਪਿੰਡ ਸਿਹਾਲਾ ਦੇ ਵਸਨੀਕ ਇੱਕ ਵਿਅਕਤੀ ਕਰਨ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮੁਹਾਲੀ ਦੇ ਫੇਜ਼-1 ਸਥਿਤ ਇੱਕ ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਉਤੇ ਦੋਸ਼ ਲਗਾਇਆ ਕਿ ਉਸਦੀ ਪਤਨੀ ਦੇ ਇਲਾਜ ਲਈ ਮੰਗੇ ਗਏ ਪੈਸਿਆਂ ਤੋਂ ਤਿੰਨ ਗੁਣਾ ਪੈਸੇ ਦਾ ਬਿੱਲ ਬਣਾ ਦਿੱਤਾ ਗਿਆ ਅਤੇ ਨੌ ਦਿਨਾਂ ਬਾਅਦ ਅੱਜ ਉਸਦੀ ਪਤਨੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਬਹਿਰਹਾਲ ਜਦੋਂ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਰੋਸ ਪ੍ਰਗਟ ਕਰਨ ਲੱਗੇ ਤਾਂ ਪ੍ਰਬੰਧਕਾਂ ਨੇ ਸਮਝੌਤਾ ਕਰਕੇ 80 ਹਜਾਰ ਰੁਪਏ ਵਿੱਚ ਮਾਮਲਾ ਨਬੇੜ ਦਿੱਤਾ ਅਤੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਮੌਕੇ ਤੇ ਖੜ੍ਹੇ ਮ੍ਰਿਤਕਾ ਪੁਸ਼ਪਾ ਰਾਣੀ ਦੇ ਪਤੀ ਕਰਨ ਸਿੰਘ ਨੇ ਦੱਸਿਆ ਕਿ ਉਹ, ਉਸਦਾ ਲੜਕਾ ਅਤੇ ਪਤਨੀ ਤਿੰਨ ਜਣੇ 2 ਮਾਰਚ ਨੂੰ ਆਪਣੇ ਪਿੰਡ ਨੂੰ ਮੋਟਰ ਸਾਈਕਲ ਤੇ ਜਾ ਰਹੇ ਸੀ। ਮੋਟਰ ਸਾਈਕਲ ਮੋਰਿੰਡਾ ਨੇੜੇ ਸਲਿਪ ਹੋ ਗਿਆ ਅਤੇ ਉਸਦੀ ਪਤਨੀ ਨੂੰ ਗੰਭੀਰ ਜਖਮ ਆਏ। ਉਸਨੂੰ ਕੱਕੜ ਹਸਪਤਾਲ ਮੋਰਿੰਡਾ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੋਂ ਉਸਨੂੰ ਸੀ ਟੀ ਸਕੈਨ ਲਈ ਮੁਹਾਲੀ ਲਿਆਂਦਾ ਗਿਆ ਅਤੇ ਇੱਥੋਂ ਉਸਨੂੰ ਇੰਡਸ ਹਸਪਤਾਲ ਫੇਜ਼-1 ਵਿੱਚ ਦਾਖਿਲ ਕਰਵਾ ਦਿੱਤਾ ਗਿਆ। ਕਰਨ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਉਸਨੂੰ ਕਿਹਾ ਕਿ ਆਪਰੇਸ਼ਨ ਅਤੇ ਹੋਰ ਖਰਚਿਆਂ ਦੇ 60 ਹਜਾਰ ਰੁਪਏ ਲੱਗਣਗੇ ਅਤੇ ਇਹ ਪੈਸੇ ਉਸ ਤੋਂ ਜਮ੍ਹਾਂ ਕਰਵਾ ਲਏ ਗਏ। ਉਸਨੇ ਕਿਹਾ ਕਿ ਆਪਰੇਸ਼ਨ ਤੋਂ ਬਾਅਦ ਉਸਦੀ ਪਤਨੀ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਅਤੇ ਜਿੱਥੇ ਪਹਿਲਾਂ ਦੋ ਦਿਨਾਂ ਵਿੱਚ ਛੁੱਟੀ ਦੀ ਗੱਲ ਸੀ, ਉਥੇ ਦਿਨ ਵੱਧਦੇ ਗਏ। ਉਸਨੇ ਕਿਹਾ ਕਿ ਜਦੋਂ ਉਸਨੇ ਪ੍ਰਬੰਧਕਾਂ ਨੂੰ ਕਿਹਾ ਕਿ ਉਸਦੀ ਪਤਨੀ ਨੂੰ ਚੰਡੀਗੜ੍ਹ ਰੈਫਰ ਕਰ ਦਿਓ ਤਾਂ ਪ੍ਰਬੰਧਕਾਂ ਨੇ ਇਸ ਗੱਲੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮਰੀਜ ਨੂੰ ਇਨਫੈਕਸ਼ਨ ਹੋ ਜਾਵੇਗਾ। ਕਰਨ ਸਿੰਘ ਨੇ ਕਿਹਾ ਕਿ ਇਨਫੈਕਸ਼ਨ ਦੀ ਗੱਲ ਕਹਿ ਕੇ ਕਿਸੇ ਨੂੰ ਵੀ ਉਸਦੀ ਪਤਨੀ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਸੀ ਅਤੇ ਡਾਕਟਰ ਦੱਸ ਹੀ ਨਹੀਂ ਰਹੇ ਸਨ ਕਿ ਉਸਦੀ ਅਸਲ ਹਾਲਤ ਕੀ ਹੈ।
ਜਦੋਂ ਪਰਿਵਾਰ ਦੇ ਮੈਂਬਰ ਅਤੇ ਹੋਰ ਰਿਸ਼ਤੇਦਾਰ ਅੱਜ ਸਵੇਰੇ ਹਸਪਤਾਲ ਦੇ ਅੱਗੇ ਇਕੱਠੇ ਹੋਣ ਲੱਗ ਪਏ ਤਾਂ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਪੁਸ਼ਪਾ ਰਾਣੀ ਨੂੰ ਮ੍ਰਿਤਕਾ ਕਰਾਰ ਦੇ ਦਿੱਤਾ ਗਿਆ। ਦੂਜੇ ਪਾਸੇ ਮ੍ਰਿਤਕਾ ਦੇ ਪਤੀ ਅਤੇ ਹੋਰ ਰਿਸ਼ਤੇਦਾਰ ਹਸਪਤਾਲ ਦੇ ਖਿਲਾਫ ਸ਼ਿਕਾਇਤ ਦੇਣ ਦੀ ਗੱਲ ਤੇ ਅੜੇ ਹੋਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਖੀਰ ਪ੍ਰਬੰਧਕਾਂ ਨੇ 15 ਹਜਾਰ ਰੁਪਏ ਹੋਰ (ਕੁੱਲ 80 ਹਜਾਰ ਰੁਪਏ) ਲੈਣ ਦੀ ਗੱਲ ਮੰਨ ਲਈ ਅਤੇ ਪਰਿਵਾਰ ਵਲੋਂ 15 ਹਜਾਰ ਰੁਪਏ ਹੋਰ ਜਮ੍ਹਾਂ ਕਰਵਾ ਦਿੱਤੇ ਗਏ। ਦੋਹਾਂ ਧਿਰਾਂ ਦੇ ਇਸ ਆਪਸੀ ਸਮਝੌਤੇ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਵਲੋਂ ਮ੍ਰਿਤਕਾ ਦੀ ਲਾਸ਼ ਰਿਲੀਜ਼ ਕਰ ਦਿੱਤੀ ਗਈ ਜਿਸਨੂੰ ਉਸਦੇ ਪਤੀ ਅਤੇ ਹੋਰ ਰਿਸ਼ਤੇਦਾਰ ਸਸਕਾਰ ਲਈ ਲੈ ਗਏ।



Designed & Maintained By www. tejinfo.com
Welcome! You are visitor No:
© 2008 Skyhawktimes.com